May 22, 2024

ਪੰਜਾਬ ਦੀਆਂ ਔਰਤਾਂ ਲਈ ਵੱਡੀ ਖ਼ਬਰ, 1000 ਮਹੀਨਾ ਦਿੱਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਦੀ ਪਤਨੀ ਦਾ ਵੱਡਾ ਬਿਆਨ
Punjab Speaks Bureau / Sangrur
ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਆਖਿਆ ਹੈ ਕਿ ਪੰਜਾਬ ਵਿਚ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਾ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਇਕ ਜਨ ਸਭਾ ਦੌਰਾਨ ਬੋਲਦਿਆਂ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ ਉਥੇ ਔਰਤਾਂ ਉਨ੍ਹਾਂ ਤੋਂ 1000 ਰੁਪਏ ਮਹੀਨਾ ਦੇਣ ਬਾਰੇ ਸਵਾਲ ਪੁੱਛਦੀਆਂ ਹਨ। ਇਸ 'ਤੇ ਉਹ ਦੱਸਣਾ ਚਾਹੁੰਦੇ ਹਨ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜਲਦ ਹੀ ਇਸੇ ਸਾਲ ਦੇ ਅੰਦਰ ਬੀਬੀਆਂ ਨੂੰ ਇਕ ਹਜ਼ਾਰ ਰੁਪਇਆ ਮਹੀਨਾ ਮਿਲਣਾ ਸ਼ੁਰੂ ਹੋ ਜਾਵੇਗਾ। ਓਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਹੈ ਤਾਂ ਜ਼ਰੂਰ ਪੂਰਾ ਕਰਨਗੇ। ਜਿਵੇਂ 600 ਯੂਨਿਟ ਦਾ ਵਾਅਦਾ ਪੂਰਾ ਕੀਤਾ ਗਿਆ ਹੈ, ਉਸੇ ਤਰ੍ਹਾਂ ਜਲਦੀ ਹੀ ਇਹ ਵਾਅਦਾ ਵੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿੰਨੇ ਵਾਅਦੇ ਕੀਤੇ ਸਨ, ਇਕ ਇਕ ਕਰਕੇ ਲਗਭਗ ਸਾਰੇ ਪੂਰੇ ਕਰ ਦਿੱਤੇ ਗਏ ਹਨ, ਜਿਹੜੇ ਰਹਿੰਦੇ ਹਨ ਉਹ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ। ਸਮਾਂ ਜ਼ਰੂਰ ਲੱਗਦਾ ਹੈ, ਜਿਹੜੇ ਕੰਮ ਪਿਛਲੇ 70 ਸਾਲਾਂ ਤੋਂ ਨਹੀਂ ਹੋਏ ਉਹ ਆਮ ਆਦਮੀ ਪਾਰਟੀ ਨੇ ਸਿਰਫ ਦੋ ਸਾਲਾਂ ਵਿਚ ਕਰਕੇ ਵਿਖਾ ਦਿੱਤੇ ਹਨ।
Dr Gurpreet Kaur Mann