ਘੱਟ ਟੈਕਸ ਨਾਲ ਆਸਾਨ ਜੀਐਸਟੀ ਦਾ ਵਾਅਦਾ ਕਰਦਿਆਂ, ਵੜਿੰਗ ਨੇ ਆਰਥਿਕ ਦ੍ਰਿਸ਼ਟੀਕੋਣ ਨੂੰ ਕੀਤਾ ਪੇਸ਼
May 25, 2024
-

ਕਿਹਾ: ਗਰੀਬਾਂ ਅਤੇ ਬੇਰੁਜ਼ਗਾਰਾਂ ਨੂੰ ਸਿੱਧੇ ਨਕਦ ਲਾਭ ਆਰਥਿਕਤਾ ਨੂੰ ਹੁਲਾਰਾ ਦੇਵੇਗਾ

ਅਰਜੁਨ ਛਾਬੜਾ / Ludhiana

ਲੁਧਿਆਣਾ, 24 ਮਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਾਅਦਾ ਕੀਤਾ ਹੈ ਕਿ ਕੇਂਦਰ ਦੀ ਨਵੀਂ ਸਰਕਾਰ ਸਭ ਤੋਂ ਘੱਟ ਟੈਕਸ ਦਰ ਨਾਲ ਸਧਾਰਨ ਜੀਐਸਟੀ ਪ੍ਰਣਾਲੀ ਲਿਆਵੇਗੀ। ਇੱਥੇ ਉਦਯੋਗਪਤੀਆਂ ਦੇ ਇੱਕ ਸਮੂਹ ਨਾਲ ਗੱਲਬਾਤ ਕਰਦਿਆਂ, ਵੜਿੰਗ ਨੇ ਇਹ ਵੀ ਕਿਹਾ ਕਿ ਇੰਡੀਆ ਸਰਕਾਰ ਗਰੀਬ ਪਰਿਵਾਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਿੱਧੇ ਨਗਦ ਲਾਭ ਪ੍ਰਦਾਨ ਕਰੇਗੀ, ਜਿਸ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਉਦਯੋਗਿਕ ਕੇਂਦਰ ਹੋਣ ਨਾਲ ਲੁਧਿਆਣਾ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਇਸੇ ਤਰ੍ਹਾਂ, ਆਰਥਿਕ ਏਜੰਡੇ ਨੂੰ ਸਪੱਸ਼ਟ ਕਰਦੇ ਹੋਏ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇਸ਼ ਭਰ ਦੇ ਹਰ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਨਗਦ ਲਾਭ ਦੇਣ ਦਾ ਪ੍ਰਸਤਾਵ ਰੱਖਦੀ ਹੈ। ਇਸ ਤੋਂ ਇਲਾਵਾ, ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਹਰ ਨਵੇਂ ਗ੍ਰੈਜੂਏਟ ਅਤੇ ਡਿਪਲੋਮਾ ਹੋਲਡਰ ਨੂੰ ਇੱਕ ਸਾਲ ਲਈ 1 ਲੱਖ ਰੁਪਏ ਦੀ ਗਰੰਟੀਸ਼ੁਦਾ ਆਮਦਨ ਦੇ ਨਾਲ ਇੱਕ ਸਾਲ ਦੀ ਅਪ੍ਰੈਂਟਿਸਸ਼ਿਪ ਦਿੱਤੀ ਜਾਵੇਗੀ। ਵੜਿੰਗ ਨੇ ਕਿਹਾ ਕਿ ਇਹ ਦੋਵੇਂ ਸਕੀਮਾਂ ਲੋਕਾਂ ਨੂੰ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਸਾਵਧਾਨੀ ਨਾਲ ਤਿਆਰ ਕੀਤੀਆਂ ਗਈਆਂ ਹਨ, ਜਿਸ ਕਾਰਨ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਯੋਜਨਾਵਾਂ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਪਿਛਲੇ 45 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ’ਤੇ ਹੈ ਅਤੇ 70 ਕਰੋੜ ਭਾਰਤੀ ਬੇਰੁਜ਼ਗਾਰ ਹਨ। ਉਨ੍ਹਾਂ ਕਿਹਾ ਕਿ ਗਰੀਬਾਂ ਅਤੇ ਬੇਰੁਜ਼ਗਾਰਾਂ ਨੂੰ ਸਿੱਧਾ ਪੈਸਾ ਦੇਣ ਨਾਲ ਉਨ੍ਹਾਂ ਦੀ ਖਰੀਦ ਸ਼ਕਤੀ ਵਧੇਗੀ, ਜਿਨ੍ਹਾਂ ਨੂੰ ਹੁਣ ਤੱਕ ਨਜ਼ਰਅੰਦਾਜ਼ ਕੀਤਾ ਗਿਆ ਸੀ। ਇਸ ਨਾਲ ਵਸਤੂਆਂ ਦੀ ਮੰਗ ਵਧੇਗੀ, ਜਿਸ ਨਾਲ ਕਾਰਖਾਨਿਆਂ ਵੱਲੋਂ ਵਸਤਾਂ ਦਾ ਵਧੇਰੇ ਉਤਪਾਦਨ ਹੋਵੇਗਾ ਅਤੇ ਰੁਜ਼ਗਾਰ ਪੈਦਾ ਹੋਣਗੇ। ਵੜਿੰਗ ਨੇ ਕਿਹਾ ਕਿ ਲੁਧਿਆਣਾ ਇਕ ਉਦਯੋਗਿਕ ਹੱਬ ਹੈ, ਜਿਸਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ, ਕਿਉਂਕਿ ਮੰਗ ਵਧਣ ਨਾਲ ਉਦਯੋਗਿਕ ਉਤਪਾਦਨ ਵਧੇਗਾ। ਉਨ੍ਹਾਂ ਵਾਅਦਾ ਕੀਤਾ ਕਿ ਰੁਜ਼ਗਾਰ ਦੇ ਬਹੁਤ ਸਾਰੇ ਮੌਕਿਆਂ ਦੇ ਨਾਲ ਆਰਥਿਕਤਾ ਵਿੱਚ ਪੂਰੀ ਤਰ੍ਹਾਂ ਤਬਦੀਲੀ ਕੀਤੀ ਜਾਵੇਗੀ। ਇਸ ਦੌਰਾਨ ਜੀਐਸਟੀ ਬਾਰੇ ਸੀਨੀਅਰ ਕਾਂਗਰਸੀ ਆਗੂ ਨੇ ਵਾਅਦਾ ਕੀਤਾ ਕਿ ਇਸਨੂੰ ਸਰਲ ਅਤੇ ਵਪਾਰਕ ਪੱਖੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਲਗਾਏ ਜਾ ਰਹੇ ਪੰਜ ਵੱਖ-ਵੱਖ ਟੈਕਸਾਂ ਦੀ ਬਜਾਏ ਸਿਰਫ਼ ਇੱਕ ਟੈਕਸ ਲਗਾਇਆ ਜਾਵੇਗਾ, ਜਿਸਦੀ ਟੈਕਸ ਦਰ ਘੱਟੋ-ਘੱਟ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਨੋਟਬੰਦੀ ਅਤੇ ਬਾਅਦ ਵਿੱਚ ਜੀਐਸਟੀ ਨੂੰ ਗਲਤ ਲਾਗੂ ਕਰਕੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਅਤੇ ਵਪਾਰ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਉਦਯੋਗ ਵਿਕਾਸ ਦੇ ਅਸਲ ਇੰਜਣ ਹਨ ਅਤੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਦੇ ਹਨ, ਪਰ ਭਾਜਪਾ ਨੇ ਵੱਡੇ ਅਰਬਪਤੀਆਂ ਅਤੇ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਂਦੇ ਹੋਏ ਇਨ੍ਹਾਂ ਦੋਵਾਂ ਨੂੰ ਤਬਾਹ ਕਰ ਦਿੱਤਾ ਹੈ। ਜਿਸ ਦੌਰਾਨ ਵਪਾਰਕ ਤੇ ਸਨਅਤ ਦੇ ਨੁਮਾਇੰਦਿਆਂ ਨੇ ਵੜਿੰਗ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਇਹ ਸ਼ਾਸਨ ਪੂਰੀ ਤਰ੍ਹਾਂ ਵਪਾਰ ਅਤੇ ਕਾਰੋਬਾਰ ਦੇ ਵਿਰੁੱਧ ਰਿਹਾ ਹੈ। ਉਨ੍ਹਾਂ ਡਾ: ਮਨਮੋਹਨ ਸਿੰਘ ਦੇ ਸਮੇਂ ਨੂੰ ਯਾਦ ਕੀਤਾ, ਜਦੋਂ ਵਪਾਰ ਅਤੇ ਉਦਯੋਗ ਕਾਫ਼ੀ ਖੁਸ਼ਹਾਲ ਸਨ ਅਤੇ ਲੁਧਿਆਣਾ ਨੂੰ ਇਸਦਾ ਬਹੁਤ ਫਾਇਦਾ ਹੋਇਆ ਸੀ।


Recommended News
Trending
Just Now