May 26, 2024

Punjab Speaks Bureau / Ludhiana
ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ। ਇਸ ਆਖਰੀ ਪੜਾਅ ਦੀ ਵੋਟਿੰਗ ਲਈ ਸਾਰੀਆਂ ਪਾਰਟੀਆਂ ਨੇ ਆਪਣੀ ਤਾਕਤ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਤਹਿਤ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਪੰਜਾਬ ਦੌਰੇ 'ਤੇ ਆ ਰਹੀ ਹੈ। ਉਹ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕਰੇਗੀ। ਕਾਂਗਰਸ ਦੀ ਇਹ ਨਿਆ ਸੰਕਲਪ ਰੈਲੀ ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਖੰਨਾ ਵਿਧਾਨ ਸਭਾ ਹਲਕੇ ਵਿੱਚ ਹੋ ਰਹੀ ਹੈ। ਖੰਨਾ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿਚਕਾਰ ਹੋਣ ਕਾਰਨ ਇੱਥੇ ਰੈਲੀ ਕੀਤੀ ਜਾ ਰਹੀ ਹੈ। ਰਾਹੋਂ ਮੰਡੀ ਵਿੱਚ ਪੰਡਾਲ ਸਜਾਇਆ ਗਿਆ ਹੈ। ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਇੱਥੇ ਮੌਜੂਦ ਰਹੇਗੀ। ਪ੍ਰਿਅੰਕਾ ਕਾਂਗਰਸ ਉਮੀਦਵਾਰ ਡਾਕਟਰ ਅਮਰ ਸਿੰਘ ਲਈ ਪ੍ਰਚਾਰ ਕਰੇਗੀ। ਪ੍ਰਿਅੰਕਾ ਗਾਂਧੀ ਸਭ ਤੋਂ ਪਹਿਲਾਂ ਦਿੱਲੀ ਤੋਂ ਸਿੱਧੇ ਚੰਡੀਗੜ੍ਹ ਆਉਣਗੇ। ਚੰਡੀਗੜ੍ਹ ਤੋਂ ਹੈਲੀਕਾਪਟਰ ਵਿੱਚ ਖੰਨਾ ਪਹੁੰਚਣਗੇ। ਖੰਨਾ ਦੇ ਏਐਸ ਕਾਲਜ ਦੇ ਸਟੇਡੀਅਮ ਵਿੱਚ ਹੈਲੀਪੈਡ ਬਣਾਇਆ ਗਿਆ ਹੈ। ਉਥੋਂ ਕਰੀਬ ਡੇਢ ਕਿਲੋਮੀਟਰ ਦੂਰ ਪ੍ਰਿਅੰਕਾ ਦੇ ਵਾਹਨਾਂ ਦਾ ਕਾਫਲਾ ਰੈਲੀ ਵਾਲੀ ਥਾਂ ਪਹੁੰਚੇਗਾ। ਜਿਸ ਤੋਂ ਬਾਅਦ ਪ੍ਰਿਅੰਕਾ ਹੈਲੀਕਾਪਟਰ 'ਚ ਪਟਿਆਲਾ ਲਈ ਰਵਾਨਾ ਹੋਵੇਗੀ।
Priyanka Gandhi